17:59
Posted In
ਕਵਿਤਾ
,
ਮਨ੍ਪ੍ਰੀਤ ਗੋਸਲ
Edit This
ਹੀਰ - ਰਾਂਝਾ
ਹੀਰੇ !
ਜੋ ਮੈਂ ਸੁਣਿਆ ਠੀਕ ਹੈ ?
ਤੇਰੇ ਪਿਤਾ ਜੀ ਆਂਹਦੇ ਨੇ,
ਜੇਕਰ ਮੈਂ ਰਾਂਝਾ
ਬਾਰਾਂ ਹਜ਼ਾਰ ਰੁਪਏ ਮਹੀਨਾ
ਕਮਾ ਸਕਦਾ ਹਾਂ !
ਤਾਂ ਤੇਰੀ ਡੌਲੀ
ਤਖਤ ਹਜ਼ਾਰੇ ਲਿਜਾ ਸਕਦਾ ਹਾਂ
ਨਹੀਂ ਤਾਂ
ਨਹੀਂ ਤਾਂ , ਓਹ ਤੇਰਾ ਨਿਕਾਹ
ਵੀਹ ਹਜ਼ਾਰ ਲੈਂਦੇ ਸੈਦੇ ਨਾਲ ਕਰ ਦੇਣਗੇ !!
ਹੀਰੇ !
ਮੈਂ ਬੇਰੁਜ਼ਗਾਰ ਹਾਂ
ਪਰ ਤੈਨੂੰ ਪਿਆਰ ਕਰਦਾ ਹਾਂ !
ਤੇਰੇ ਪਿਛੇ ਛ੍ੱਡ ਨਹੀਂ ਹੋਣਾ
ਮੇਰੇ ਕੋਲੋਂ ਮੇਰੇ ਪਿਓ ਦਾ
ਤਖ਼ਤ ਹਜ਼ਾਰਾ
ਕਿਉਂਕਿ ਮੇਰੇ ਸੋਚਾਂ 'ਚ ਡੁੱਬੇ ਮੁੱਖ 'ਤੇ
ਫ਼ਿਕਰਾਂ ਦਾ ਤਾਜ਼
ਤਾਜ਼ ਤੇ ਜਿੰਮੇਵਾਰੀ ਦੀ ਪੰਡ
ਟਿਕੀ ਪਈ ਏ
ਮੇਰੀ ਭੈਣ ਦਾ ਵਿਆਹ ਮੈਂ ਕਰਨਾ ਹੈ
ਮਾਂ ਦੀਆਂ ਅੱਖਾਂ ਨੂੰ ਨਵਾਂ ਬਣਵਾਉਂਣਾ ਹੈ
ਜੋ ਅੱਖਾਂ ਉਸ ਨੇ ਗਵਾ ਲਈਆਂ
ਮੇਰੇ ਫ਼ਿਕਰਾਂ 'ਚ ਰੋ ਰੋ ਕੇ
ਬਾਪੂ ਜੀ ਦੇ ਸਾਹ ਦਾ ਇਲਾਜ ਵੀ ਕਰਵਾਉਣਾ ਹੈ
ਮੈਂ ਇਕੱਲਾ ਹੀ ਪੁੱਤ ਹਾਂ
ਆਪਣੇ ਗਰੀਬ ਮਾਂ-ਬਾਪ ਦਾ
ਮੇਰੇ ਹੋਰ ਤਿੰਨ ਵੀਰ ਵੀ ਨਹੀਂ
ਨਾ ਹੀ ਮੇਰਾ ਪਿਓ ਚੌਧਰੀ ਹੈ
ਮੈਂ ਤਾਂ ਤੇਰੇ ਗਮ ਵਿੱਚ ਜੋਗੀ
ਵੀ ਨਹੀਂ ਹੋ ਸਕਦਾ
ਲੋਕ ਕੀ ਆਖਣਗੇ ,
ਕਹਿਣਗੇ !
ਕਬੀਲਦਾਰੀ ਤੋਂ ਡਰਦਾ ਸਾਧ ਹੋ ਗਿਆ
ਚਾਅ ਵਿਲਕ ਪੈਣਗੇ ਲਾਡੋ ਭੈਣ ਦੇ,
ਰੰਡੇਪਾ ਸਿਹਾ ਨਹੀਂ ਜਾਣਾ ਮੇਰੀ ਮਾਂ ਤੋਂ
ਸਾਧ ਹੋਣ ਦਾ ਗਮ ਸਹਿਆ ਨਹੀਂ ਜਾਣਾ
ਮੇਰੇ ਬਾਪੂ ਜੀ ਤੋਂ
ਹੀਰੇ !
ਤੂੰਹੀਓ ਦੱਸ ਕੀ ਕਰਾਂ ਮੈਂ ਹੁਣ ?
ਪੈਸੇ ਤੇ ਚੰਗੇ ਕੱਪ੍ੜੇ ਨਹੀਂ ਹੈਗੇ
ਕਿਸੇ ਲੀਡਰ ਨੂੰ ਮਿਲਨ ਜਾਣ ਵਾਸਤੇ
ਤੇ ਰਿਸ਼ਵਤ ਕਿੱਥੋਂ ਦੇਵਾਂਗਾ ?
ਅੱਜ ਕੱਲ ਦੇ ਅਦਲੀ ਰਾਜੇ ਫ਼ਰਿਆਦ ਵੀ
ਰਿਸ਼ਵਤ ਲੈ ਕੇ ਸੁਣਦੇ ਨੇ !
ਚ੍ੱਲ ਮੈਂ ਤੈਨੂੰ ਘਰ ਛੱਡ ਆਵਾਂ
ਤੇਰਾ ਪਿਤਾ ਚੂਚਕ ਉਡੀਕਦਾ ਹੋਵੇਗਾ ,
ਤੂੰ ਰੰਗ੍ਪੁਰ ਵਿਆਹ ਕਰਵਾ ਲਵੀਂ ,
ਮੈਂ ਸੁਣਿਐ !
ਤੇਰਾ ਸੈਦਾ ਫ਼ੀਲਡ ਅਫ਼੍ਸਰ ਲੱਗਿਆ ਏ !
ਹੀਰੇ !
ਮੈਂ ਤੈਨੂੰ ਕਿੰਝ ਸਮ੍ਝਾਵਾਂ,
ਮੈਂ ਤਾਂ ਰੱਖ੍ੜੀ ਬੰਨ੍ਣ ਬਦਲੇ ਆਪਣੀ ਭੈਣ ਨੂੰ
ਦੇ ਨਹੀਂ ਸਕਦਾ ਕੋਈ ਸੌਗਾਤ ,
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਨਾਨ੍ਕੇ ਮਿਲਣ ਚੱਲੀ ਮਾਂ ਨੂੰ
ਬੱਸ ਦਾ ਕਿਰਾਇਆ ਨਹੀਂ ਦੇ ਸਕਦਾ
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਮਜ਼ਦੂਰੀ ਨਹੀਂ ਕਰ ਸਕਦਾ
ਮਜ਼ਦੂਰ ਬਾਪੂ ਨਾਲ
ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ
ਹੀਰੇ !
ਪਾਣੀ 'ਚ ਡਾਂਗਾ ਮਾਰਿਆਂ ਪਾਣੀ ਵੱਖ ਨਹੀਂ ਹੁੰਦੇ
ਤੂੰ ਜਿਸਮਾਨੀ ਤੌਰ ਤੇ ਕਿਸੇ ਹੋਰ ਦੀ ਹੋਜੇਂਗੀ
ਪਰ, ਰੂਹਾਨੀ ਤੌਰ ਤੇ ਮੇਰੀ ਹੀ ਰਹੇਂਗੀ
ਜਾਹ ਹੀਰੇ ! ਤੇਰਾ ਰੰਗ੍ਪੁਰ ਰੰਗੀ ਵਸੇ,
ਤੇਰੇ ਪਿਓ ਚੂਚਕ ਦਾ ਸਿਆਲ ਵਸੇ,
ਸਾਡੇ ਹਜ਼ਾਰੇ ਦਾ ਕੀ ਐ ਭਾਂਵੇ ਵਸੇ
ਤੇ ਭਾਂਵੇ ਨਾ ਵਸੇ
ਤੂੰ ਜਵਾਨੀਆਂ ਮਾਣ , ਖੇੜੇ ਹੰਢਾ ,
ਅਸੀਂ ਤਾਂ ਆਪਣੇ ਪਿੰਡੋ ਤੇਰੇ ਪਿੰਡ ਨੂੰ
ਜਾਂਦੀ ਸੜਕ ਤੇ ਵੰਝਲੀ ਵਜਾ ਕੇ
\ਤੇਰਾ ਰਾਹ ਤੱਕਿਆ ਕਰਾਂਗੇ !
.........ਮਨ੍ਪ੍ਰੀਤ ਗੋਸਲ
0 comments:
Post a Comment